ਦੁੱਖ ਇਸ ਗੱਲ ਦਾ ਨਹੀਂ ਕਿ ਅਕਾਲੀ ਸਰਕਾਰ ਡੇਰਾਵਾਦ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਜੇਲ੍ਹਾਂ ਵਿਚ ਕਿਉਂ ਸੁੱਟ ਰਹੀ ਹੈ ਬਲਕਿ ਦੁੱਖ ਇਸ ਗੱਲ ਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਸ਼ਬਦ ਉਸ ਸਮੇਂ ਦੇ ਜ਼ਾਲਮ ਰਾਜਿਆਂ ਤੇ ਮੌਕਾ ਪ੍ਰਸਤ ਪਖੰਡੀ ਧਾਰਮਿਕ ਆਗੂਆਂ ਨੂੰ ਸੰਬੋਧਨ ਕਰ ਕੇ ਉਚਾਰਨ ਕੀਤੇ ਸਨ ਉਹ ਅੱਜ ਅਸੀਂ ਕਿਸ ਨੂੰ ਸੁਣਾਈਏ?
ਜਿਸ ਤਰ੍ਹਾਂ ਬੇਅੰਤ ਸਿੰਘ ਦੀ ਸਰਕਾਰ ਦਾ ਔਰੰਗਜ਼ੇਬ ਦੀ ਸਰਕਾਰ ਨਾਲੋਂ ਕੋਈ ਫ਼ਰਕ ਨਹੀਂ ਸੀ ਤਾਂ ਹੁਣ ਫ਼ਰਕ ਬਾਦਲ ਸਰਕਾਰ ਵਿਚ ਵੀ ਕੋਈ ਨਹੀਂ ਹੈ। ਆਖ਼ਰ ਸਰਕਾਰ ਤਾਂ ਸਰਕਾਰ ਹੀ ਹੁੰਦੀ ਹੈ ਬੇਸ਼ੱਕ ਉਹ ਬਾਬਰ ਦੀ ਹੋਵੇ, ਜਹਾਂਗੀਰ ਦੀ ਹੋਵੇ, ਔਰੰਗਜ਼ੇਬ ਦੀ ਹੋਵੇ, ਅੰਗਰੇਜ਼ਾਂ ਦੀ ਹੋਵੇ, ਇੰਦਰਾ ਗਾਂਧੀ ਦੀ ਹੋਵੇ, ਰਜੀਵ ਗਾਂਧੀ ਦੀ ਹੋਵੇ, ਨਰਸਿਮ੍ਹਾ ਰਾਓ ਦੀ ਹੋਵੇ, ਅਟੱਲ ਬਿਹਾਰੀ ਵਾਜਪਾਈ ਦੀ ਹੋਵੇ, ਬੇਅੰਤ ਸਿੰਘ ਦੀ ਹੋਵੇ, ਬਾਦਲ ਦੀ ਹੋਵੇ, ਜਾਂ ਫਿਰ ਗੁਜਰਾਤ ’ਚ ਮੋਦੀ ਦੀ। ਆਖ਼ਰ ਟੀਚਾ ਤਾਂ ਸਾਰਿਆਂ ਦਾ ਇੱਕੋ ਹੈ ਕਿ ਵੱਧ ਤੋਂ ਵੱਧ ਸਮੇਂ ਲਈ ਰਾਜ ਕੀਤਾ ਜਾਵੇ।
ਪੁਰਾਣੇ ਸਮੇਂ ਦੀ ਰਜਵਾੜਾਸ਼ਾਹੀ ’ਚ ਬਾਹੂ ਬਲ ਨਾਲ ਅਤੇ ਲੋਕਤੰਤਰ ਦੇ ਮੌਜੂਦਾ ਦੌਰ ਵਿਚ ਵੱਧ ਵੋਟਾਂ ਹਾਸਲ ਕਰ ਕੇ ਹੀ ਰਾਜ ਕਰਨਾ ਸੰਭਵ ਹੁੰਦਾ ਹੈ। ਬਿਨਾਂ ਲੋਕ ਭਲਾਈ ਦੇ ਕੰਮ ਕੀਤਿਆਂ ਆਪਣੇ ਨਿੱਜ ਲਈ ਵੱਧ ਤੋਂ ਵੱਧ ਕਮਾਈ ਕਰ ਕੇ ਵੀ ਲੋਕ ਤੰਤਰ ਵਿਚ ਵੱਧ ਵੋਟਾਂ ਹਾਸਲ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਬਹੁ ਕੌਮੀ ਤੇ ਬਹੁ ਧਰਮੀ ਦੇਸ਼ ਵਾਸੀਆਂ ਵਿਚ ਫ਼ਿਰਕਾਪ੍ਰਸਤੀ ਰਾਹੀਂ ਆਪਸੀ ਨਫ਼ਰਤ ਫੈਲਾਈ ਜਾਵੇ ਤੇ ਉਸ ਉਪਰੰਤ ਘੱਟ ਗਿਣਤੀ ਕੌਮਾਂ ’ਤੇ ਤਸ਼ੱਦਦ ਕਰ ਕੇ ਬਹੁ ਗਿਣਤੀ ਕੌਮਾਂ ਦੀਆਂ ਥੋਕ ਵਿਚ ਵੋਟਾਂ ਪ੍ਰਾਪਤ ਕਰ ਲਈਆਂ ਜਾਣ। ਬੱਸ ਇਹੋ ਢੰਗ ਸਾਰੀਆਂ ਰਾਜਨੀਤਕ ਪਾਰਟੀਆਂ ਅਪਣਾ ਰਹੀਆਂ ਹਨ।
ਪੰਜਾਬ ਦੀ ਹੋਰ ਵੀ ਤ੍ਰਾਸਦੀ ਹੈ। ਇਸ ਵਿਚ ਸਿੱਖ ਭਾਰਤ ਦੀ ਅਤਿ ਘੱਟ ਗਿਣਤੀ ਤੇ ਪੰਜਾਬ ਵਿਚ ਵੱਧ ਗਿਣਤੀ ਵਿਚ ਸਮਝੀ ਜਾ ਰਹੀ ਹੈ ਪਰ ਅਸਲ ਵਿਚ ਹੁਣ ਹੈ ਨਹੀਂ ਕਿਉਂਕਿ ਕੁੱਝ ਸਿੱਖ ਵਿਦੇਸ਼ਾਂ ਵਿਚ ਚਲੇ ਗਏ ਹਨ, ਯੂ.ਪੀ. ਬਿਹਾਰ ’ਚੋਂ ਭਈਏ ਮਜ਼ਦੂਰ ਵੱਡੀ ਗਿਣਤੀ ਵਿਚ ਪੰਜਾਬ ’ਚ ਆ ਚੁੱਕੇ ਹਨ ਅਤੇ ਪੰਜਾਬ ’ਚ ਵੱਡੀ ਪੱਧਰ ’ਤੇ ਡੇਰਾਵਾਦ ਦੇ ਫੈਲਾ ਕਾਰਨ ਅਗਿਆਨਤਾ ਵੱਸ ਵੱਡੀ ਗਿਣਤੀ ਦੱਸਣ ਵਾਲੇ ਸਿੱਖ, ਸਿੱਖ ਵਿਰੋਧੀ ਡੇਰਿਆਂ ਦੇ ਸ਼ਰਧਾਲੂ ਬਣ ਚੁੱਕੇ ਹਨ। ਇਸ ਲਈ ਪੰਜਾਬ ਵਿਚ ਰਾਜ ਸਤਾ ਪ੍ਰਾਪਤ ਕਰਨ ਦਾ ਇੱਕੋ ਇੱਕ ਢੰਗ ਹੈ ਕਿ ਕੱਟੜਵਾਦੀ ਹਿੰਦੂਆਂ ਅਤੇ ਸਿੱਖ ਵਿਰੋਧੀ ਡੇਰਿਆਂ ਦੇ ਸ਼ਰਧਾਲੂ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਜਾਣ। ਇਹ ਵੋਟਾਂ ਪ੍ਰਾਪਤ ਕਰਨ ਲਈ ਹੀ ਹਰ ਸਰਕਾਰ ਸਿੱਖ ਵਿਰੋਧੀ ਡੇਰਿਆਂ ਨੂੰ ਵੱਧ ਤੋਂ ਵੱਧ ਸਹੂਲਤ ਦਿੰਦੀ ਹੈ ਤੇ ਡੇਰੇਦਾਰ ਬੇਖ਼ੌਫ ਹੋ ਕੇ ਸਿੱਖ ਵਿਰੋਧੀ ਕਾਰਵਾਈਆਂ ਵਿਚ ਲੱਗੇ ਰਹਿੰਦੇ ਹਨ।
ਤਾਜਾਂ ਮਿਸਾਲ ਰਾਧਾ ਸਵਾਮੀ ਡੇਰਾ ਬਿਆਸ ਦੀ ਹੈ। ਕਿਸਾਨਾਂ ਦਾ ਉਜਾੜਾ ਕਰ ਕੇ ਗੈਰ ਕਾਨੂੰਨੀ ਢੰਗ ਰਾਹੀਂ ਉਹ ਆਪਣੇ ਡੇਰੇ ਦਾ ਪਸਾਰ ਕਰਨ ਵਿਚ ਲੱਗੇ ਹੋਏ ਹਨ। ਅਜੇਹਾ ਕਰਦੇ ਉਨ੍ਹਾਂ ਨੇ ਦੋ ਗੁਰਦੁਆਰੇ (ਮਾਤਾ ਗੰਗਾ ਜੀ ਦਾ ਗੁਰਦੁਆਰਾ ਤੇ ਵੜੈਚ ਪੱਤੀ ਦਾ ਗੁਰਦੁਆਰਾ) ਢਾਹ ਦਿੱਤੇ ਹਨ ਤੇ ਤੀਸਰੇ ਭਾਈ ਜੀਵਨ ਸਿੰਘ ਦੇ ਗੁਰਦੁਆਰੇ ਨੂੰ ਢਾਹੁਣ ਦੀ ਤਿਆਰੀ ਸੀ ਜਿਹੜੀ ਕਿ ਵਿਵਾਦ ਵਧਣ ਕਰ ਕੇ ਕੁੱਝ ਸਮੇਂ ਲਈ ਅਟਕ ਗਈ ਹੈ। ਜਿਸ ਤਰ੍ਹਾਂ ਡੇਰੇ ਦੇ ਪਸਾਰ ਲਈ ਉਹ ਵੱਡੀ ਪੱਧਰ ’ਤੇ ਇੱਕ ਖ਼ਾਸ ਲੰਬੀ ਪਲੈਨਿੰਗ ਰਾਹੀਂ ਕੰਮ ਕਰ ਰਹੇ ਹਨ।
ਉਸ ਤੋਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਥੋੜ੍ਹੇ ਹੀ ਸਮੇਂ ’ਚ ਇਨ੍ਹਾਂ ਨੇ ਡੇਰੇ ਦੇ ਆਸਪਾਸ ਦੇ ਵੀਹ ਪਿੰਡਾਂ ਵਿਚ ਕੋਈ ਗੁਰਦੁਆਰਾ ਨਹੀਂ ਰਹਿਣ ਦੇਣਾ। ਕੁਦਰਤੀ ਹੈ ਕਿ ਕੌਮ ਵਿਚ ਕੁੱਝ ਜਾਗਦੀ ਜ਼ਮੀਰ ਵਾਲੇ ਵੀ ਹਮੇਸ਼ਾ ਹੁੰਦੇ ਹੀ ਹਨ ਭਾਵੇਂ ਉਹ ਘੱਟ ਗਿਣਤੀ ਵਿਚ ਹੀ ਹੋਣ। ਇਸ ਲਈ ਉਹ ਘੱਟ ਗਿਣਤੀ ਜਾਗਦੀ ਜ਼ਮੀਰ ਵਾਲਿਆਂ ਵਿਚੋਂ ਕੁੱਝ ਕੁ ਨੇ ਰਾਧਾ ਸਵਾਮੀਆਂ ਦੀ ਇਸ ਪਸਾਰ ਨੀਤੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਪਹਿਲਾਂ ਤਾਂ ਜਿਸ ਤਰ੍ਹਾਂ ਮੁਗ਼ਲ ਰਾਜੇ ਆਪਣੀਆਂ ਨੀਤੀਆਂ ਤੇ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣ ਲਈ ਕਾਜ਼ੀਆਂ ਤੋਂ ਫ਼ਤਵੇ ਜਾਰੀ ਕਰਵਾਉਂਦੇ ਹੁੰਦੇ ਸਨ, ਉਸੇ ਤਰ੍ਹਾਂ ਬਾਦਲ ਨੇ ਵੀ ਆਪਣੇ ਅਜੋਕੇ ਕਾਜ਼ੀਆਂ (ਅਕਾਲ ਤਖ਼ਤ ਦੇ ਜਥੇਦਾਰ) ਤੋਂ ਫ਼ਤਵੇ ਜਾਰੀ ਕਰਵਾ ਕੇ ਰਾਧਾ ਸਵਾਮੀ ਡੇਰੇ ਨੂੰ ਕਲੀਨ ਚਿੱਟ ਦਿਵਾ ਦਿੱਤੀ ਤੇ ਉਨ੍ਹਾਂ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਸ਼ਰਾਰਤੀ ਅਨਸਰ ਐਲਾਨ ਕਰਵਾ ਦਿੱਤਾ।
ਜਦ ੧੬-੧੭ ਜਥੇਬੰਦੀਆਂ ਵੱਲੋਂ ਅਜੋਕੇ ਕਾਜ਼ੀਆਂ ਦੇ ਇਸ ਫ਼ਤਵੇ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਡੇਰੇ ਦੀਆਂ ਜ਼ਿਆਦਤੀਆਂ ਵਿਰੁੱਧ ਡਟਣ ਲਈ ਸਾਂਝੇ ਤੌਰ ’ਤੇ ਬਣਾਏ ਗਏ ‘ਅਕਾਲ ਤਖ਼ਤ ਸਾਹਿਬ ਸੇਵਕ ਜਥਾ’ ਦੇ ਬੈਨਰ ਹੇਠ ਮੋਰਚਾ ਅਰੰਭ ਕਰ ਦਿੱਤਾ, ਜਿਸ ਲਈ ੨ ਦਸੰਬਰ ਨੂੰ ਬਿਆਸ ਨੇੜੇ ਰਈਆ ਦਾਣਾ ਮੰਡੀ ਵਿਚ ਇੱਕ ਵੱਡੀ ਕਾਨਫ਼ਰੰਸ ਕਰਨ ਦਾ ਐਲਾਨ ਕਰ ਦਿੱਤਾ, ਤਾਂ ਉਨ੍ਹਾਂ ਨੂੰ ਡਰਾਉਣ ਧਮਕਾਉਣ ਲਈ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਾਬਕਾ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਤੇ ਮੌਜੂਦਾ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਨਜਾਇਜ਼ ਕੇਸਾਂ ਵਿਚ ਫਸਾ ਕੇ ਗ੍ਰਿਫ਼ਤਾਰ ਕਰ ਲਿਆ ਤੇ ਹੁਣ ੨੦ ਸਾਲ ਤੋਂ ਜੇਲ੍ਹ ਵਿਚ ਬੰਦ ਪੈਰੋਲ ’ਤੇ ਆਏ ਭਾਈ ਲਾਲ ਸਿੰਘ ਅਕਾਲਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਜਾਇਜ਼ ਠਹਿਰਾਉਣ ਲਈ ਸਰਕਾਰ ਕੋਈ ਵੀ ਬਹਾਨਾ ਘੜ ਸਕਦੀ ਹੈ ਪਰ ਹੈ ਇਹ ਬਿਲਕੁਲ ਨਜਾਇਜ਼ ਤੇ ਰਾਧਾ ਸਵਾਮੀਆਂ ਵਿਰੁੱਧ ਉੱਠ ਰਹੀ ਆਵਾਜ਼ ਨੂੰ ਦਬਾਉਣ ਲਈ ਇੱਕ ਦਹਿਸ਼ਤ ਦੇ ਤੌਰ ’ਤੇ। ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਜਾਇਜ਼ ਠਹਿਰਾਉਣ ਵਾਲੇ ਪ੍ਰਕਾਸ਼ ਬਾਦਲ ਤੇ ਉਨ੍ਹਾਂ ਦੇ ਧੂਤੂ ਬਣੇ ਆਗੂ ਦੱਸਣ ਕੇ ਸ: ਬਾਦਲ ਅਤੇ ਉਨ੍ਹਾਂ ਦੇ ਅਨੇਕਾਂ ਸਾਥੀਆਂ ਨੂੰ ਅਨੇਕਾਂ ਵਾਰ ਵਿਰੋਧੀ ਸਰਕਾਰਾਂ ਨੇ ਕਈ ਕੇਸਾਂ ਵਿਚ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿਚ ਸੁੱਟਿਆ ਸੀ ਤੇ ਮੋਰਚੇ ਚਲਾ ਰਹੇ ਕਈ ਆਗੂਆਂ ਨੂੰ ਕਈ ਕੇਸਾਂ ਵਿਚ ਸਜਾਵਾਂ ਵੀ ਹੋਈਆਂ। ਕੀ ਅੱਜ ਦੀਆਂ ਗ੍ਰਿਫ਼ਤਾਰੀਆਂ ਨੂੰ ਜਾਇਜ਼ ਦੱਸਣ ਵਾਲੇ ਮੰਨ ਸਕਦੇ ਹਨ ਕਿ ਜਦ ਵਿਰੋਧੀ ਸਰਕਾਰਾਂ ਨੇ ਬਾਦਲ ਅਤੇ ਉਨ੍ਹਾਂ ਸਾਥੀਆਂ ਵਿਰੁੱਧ ਕੇਸ ਪਾਏ ਸਨ ਤਾਂ ਉਹ ਜਾਇਜ਼ ਸਨ ਤੇ ਇਹ ਖ਼ੁਦ ਕਸੂਰਵਾਰ ਸਨ। ਜੇ ਉਸ ਸਮੇਂ ਦੀ ਸਰਕਾਰ ਨਜਾਇਜ਼ ਕੇਸ ਪਾਉਂਦੀ ਸੀ ਤਾਂ ਅੱਜ ਦੀ ਸਰਕਾਰ ਦੀ ਹਰ ਕਾਰਵਾਈ ਠੀਕ ਕਿਵੇਂ ਹੋ ਸਕਦੀ ਹੈ? ਜਿਸ ਵੀ ਮਨੁੱਖ ਨੇ ਸਰਕਾਰ ਦੇ ਵਿਰੁੱਧ ਜਾਂ ਸੱਚ ਦੀ ਆਵਾਜ਼ ਉਠਾਉਣੀ ਹੈ ਸਰਕਾਰ ਲਈ ਤਾਂ ਉਸ ਦੀ ਥਾਂ ਜੇਲ੍ਹਾਂ ਵਿਚ ਹੀ ਹੈ ਜਾਂ ਫਾਂਸੀ ਵੀ ਹੋ ਸਕਦੀ ਹੈ! ਇਹ ਪੁਰਾਤਨ ਸਮੇਂ ਤੋਂ ਮੌਜੂਦਾ ਸਮੇਂ ਦੇ ਇਤਿਹਾਸ ਨੂੰ ਵੇਖਿਆਂ ਪ੍ਰਤੱਖ ਨਜ਼ਰ ਆ ਸਕਦਾ ਹੈ।
ਇਸ ਲਈ ਸਾਨੂੰ ਦੁੱਖ ਇਸ ਗੱਲ ਦਾ ਨਹੀਂ ਕਿ ਅਕਾਲੀ ਸਰਕਾਰ ਡੇਰਾਵਾਦ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਜੇਲ੍ਹਾਂ ਵਿਚ ਕਿਉਂ ਸੁੱਟ ਰਹੀ ਹੈ ਬਲਕਿ ਦੁੱਖ ਇਸ ਗੱਲ ਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਸ਼ਬਦ ਉਸ ਸਮੇਂ ਦੇ ਜ਼ਾਲਮ ਰਾਜਿਆਂ ਤੇ ਮੌਕਾ ਪ੍ਰਸਤ ਪਖੰਡੀ ਧਾਰਮਿਕ ਆਗੂਆਂ ਨੂੰ ਸੰਬੋਧਨ ਕਰ ਕੇ ਉਚਾਰਨ ਕੀਤੇ ਸਨ ਉਹ ਅੱਜ ਅਸੀਂ ਕਿਸ ਨੂੰ ਸੁਣਾਈਏ, ਕਿਉਂਕਿ ਇਸ ਸਮੇਂ ਤਾਂ ਉਨ੍ਹਾਂ ਦੇ ਵਿਖਾਵੇ ਦੇ ਤੌਰ ’ਤੇ ਬਣੇ ਪੈਰੋਕਾਰ ਹੀ ਇਹ ਰਾਜੇ-ਪੁਜਾਰੀ ਦੀਆਂ ਦੋਵੇਂ ਪਦਵੀਆਂ ਸੰਭਾਲੀ ਬੈਠੇ ਹਨ। ਵੰਨਗੀ ਮਾਤਰ ਪੜ੍ਹੋ:
‘ਰਾਜੇ ਸੀਹ ਮੁਕਦਮ ਕੁਤੇ ॥
ਜਾਇ ਜਗਾਇਨਿ ਬੈਠੇ ਸੁਤੇ ॥
ਚਾਕਰ ਨਹਦਾ ਪਾਇਨਿ ਘਾਉ ॥
ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਮਲਾਰ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ -ਪੰਨਾ ੧੨੮੮)
‘ਕਾਦੀ ਕੂੜੁ ਬੋਲਿ ਮਲੁ ਖਾਇ ॥
ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥
ਤੀਨੇ ਓਜਾੜੇ ਕਾ ਬੰਧੁ ॥੨॥’ (ਧਨਾਸਰੀ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੬੬੨)
ਉਕਤ ਗੁਰਫ਼ੁਰਮਾਨਾਂ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਇਹ ਪਉੜੀਆਂ ਵੀ ਬਿਲਕੁਲ ਠੀਕ ਢੁਕਦੀਆਂ ਹਨ:
‘ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਸੇਵਕ ਬੈਠਨਿ ਘਰਾ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ।
ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ।
ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥’ (ਵਾਰ ੧ ਪਉੜੀ ੩੦)
‘ਜੇ ਮਾਉ ਪੁਤੈ ਵਿਸੁ ਦੇ ਤਿਸਤੇ ਕਿਸੁ ਪਿਆਰਾ।
ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ।
ਬੇੜੀ ਡੋਬੈ ਪਾਤਣੀ ਕਿਉ ਪਾਰਿ ਉਤਾਰਾ।
ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ।
ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ।
ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ ॥੨੨॥’ (ਵਾਰ ੩੫ ਪਉੜੀ ੨੨)
ਜਰਾ ਵਿਚਾਰ ਕੇ ਵੇਖੋ ਕਿ ਭਾਈ ਗੁਰਦਾਸ ਜੀ ਦੀ ਇਹ ਪਾਉੜੀ ਪੰਥ ’ਤੇ ਕਾਬਜ਼ ਹੋਏ ਅੱਜ ਦੇ ਰਾਜਨੀਤਕ ਤੇ ਧਾਰਮਿਕ ਆਗੂਆਂ ’ਤੇ ਪੂਰੀ ਤਰ੍ਹਾਂ ਨਹੀਂ ਢੁਕਦੀ! ਕੀ ਪੰਥ ਦਰਦੀਆਂ ਲਈ ਇਹ ਸੋਚਣ ਦਾ ਸਮਾ ਨਹੀਂ ਹੈ ਕਿ ਸਿੱਖੀ ਰੂਪੀ ਫ਼ਸਲ ਦੀ ਜਿਹੜੇ ਆਗੂਆਂ ਨੂੰ ਪਹਿਰੇਦਾਰੀ ’ਤੇ ਬਿਠਾਇਆ ਹੈ ਉਹ ਤਾਂ ਖ਼ੁਦ ਹੀ ਘਰ ਭੰਨਣ ਵਾਲੇ ਬਣ ਗਏ ਹਨ। ਜਿਹੜੀ ਵਾੜ ਉਨ੍ਹਾਂ ਕੀਤੀ ਹੈ ਉਹ ਵਾੜ ਤਾਂ ਖ਼ੁਦ ਹੀ ਖੇਤ ਖਾ ਰਹੀ ਹੈ, ਪੰਥ ਦੇ ਬੇੜੇ ਦੇ ਬਣੇ ਮਲਾਹ ਖ਼ੁਦ ਹੀ ਬੇੜਾ ਡੋਬਣ ’ਤੇ ਲੱਗੇ ਹੋਏ ਹਨ ਤਾਂ ਹੁਣ ਬਚਾਅ ਦੀ ਆਸ ਕਿਥੋਂ ਹੋ ਸਕਦੀ ਹੈ?
ਕਿਰਪਾਲ ਸਿੰਘ ਬਠਿੰਡਾ